ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਆਉਂਦੇ ਇਲਾਕੇ ਵਿਚ ਬਿਆਸ ਦਰਿਆ ਵਿਚ ਡੁੱਬਣ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਚੇਚੀਆਂ ਛੋੜੀਆਂ ਵਜੋਂ ਹੋਈ ਐ। ਕਿਸਾਨ ਪਰਿਵਾਰ ਨਾਲ ਸਬੰਧਤ ਇਹ ਨੌਜਵਾਨ ਦਰਿਆ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਪਾਣੀ ਦੇ ਤੇਜ ਵਹਾਅ ਅੰਦਰ ਰੁੜ ਗਿਆ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਐ ਕਿ ਬਰਸਾਤਾਂ ਦੇ ਦਿਨਾਂ ਦੌਰਾਨ ਇੱਥੇ ਅਜਿਹੇ ਹਾਦਸੇ ਆਮ ਹੀ ਵਾਪਰਦੇ ਰਹਿੰਦੇ ਨੇ ਪਰ ਪ੍ਰਸ਼ਾਸਨ ਨੇ ਇੱਥੇ ਗੋਤਾਖੋਰ ਜਾਂ ਹੋਰ ਸੁਰੱਖਆ ਪ੍ਰਬੰਧ ਨਹੀਂ ਕੀਤੇ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਐ। ਜਾਣਕਾਰੀ ਅਨੁਸਾਰ ਨੌਜਵਾਨ ਮਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਚੇਚੀਆਂ ਛੋੜੀਆਂ ਆਪਣੇ ਪਿੰਡ ਦੀ ਹਦੂਦ ਦੇ ਸਾਹਮਣੇ ਬਣੇ ਸਪਰ ਨੇੜਿਓਂ ਦਰਿਆ ਤੋਂ ਪਾਰ ਪੈਂਦੇ ਆਪਣੇ ਖੇਤਾਂ ਨੂੰ ਜਾਣ ਲਈ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਪਾਣੀ ਦੀ ਤੇਜ਼ ਵਹਾਅ ਚ ਰੁੜ ਗਿਆ। ਘਟਨਾ ਸਥਾਨ ਤੇ ਹਾਜ਼ਰ ਪਿੰਡ ਦੇ ਸਰਪੰਚ ਸਤਨਾਮ ਸਿੰਘ ਅਤੇ ਹੋਰਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਦਰਿਆਉਂ ਪਾਰਲੀ ਤਰਫ ਉਹਨਾਂ ਦੇ ਖੇਤ ਚ ਪੋਪਲੂਰਾਂ ਦੇ ਬੂਟਿਆਂ ਦੀ ਕਟਾਈ ਲੱਗੀ ਹੋਈ ਸੀ ਤੇ ਕੁਝ ਲੇਬਰ ਦੇ ਵਿਅਕਤੀਆਂ ਸਮੇਤ ਜਦੋਂ ਉਹ ਦਰਿਆ ਬਿਆਸ ਨੂੰ ਪਾਰ ਕਰ ਰਿਹਾ ਸੀ ਤਾਂ ਡੂੰਘੇ ਪਾਣੀ ਦੇ ਤੇਜ਼ ਵਹਾਅ ਚ ਮਨਦੀਪ ਸਿੰਘ ਡੁੱਬ ਗਿਆ। ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਅਤੇ ਥਾਣਾ ਮੁਖੀ ਦੀਪੀਕਾ ਵੱਲੋਂ ਪੁਲਿਸ ਪਾਰਟੀ ਸਮੇਤ ਪਾਣੀ ਚ ਡੁੱਬੇ ਲਾਪਤਾ ਨੌਜਵਾਨ ਦੀ ਭਾਲ ਕਰਨ ਲਈ ਬੇਸ਼ਕ ਭਾਰੀ ਜੱਦੋ ਜਹਿਦ ਕੀਤੀ ਗਈ ਪਰ ਖਬਰ ਲਿਖੇ ਜਾਣ ਤੱਕ ਪਾਣੀ ਚ ਡੁੱਬੇ ਨੌਜਵਾਨ ਦੀ ਕੋਈ ਵੀ ਉੱਗ ਸੁੱਘ ਨਾ ਮਿਲੀ । ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਅਤੇ ਸੰਬੰਧਿਤ ਪੁਲਿਸ ਵੱਲੋਂ ਵੱਖੋ ਵੱਖ ਗੋਤਾਖੋਰਾਂ ਦੀਆਂ ਟੀਮਾਂ ਨਾਲ ਸੰਪਰਕ ਸਾਧਨ ਦੇ ਯਤਨ ਕੀਤੇ ਪਰ ਕਈ ਘੰਟਿਆਂ ਤੱਕ ਗੋਤਾਖੋਰਾਂ ਦੀ ਟੀਮ ਵੀ ਘਟਨਾ ਸਥਾਨ ਤੇ ਨਾ ਪੁੱਜ ਸਕੀ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਚੇ ਪੀੜਤ ਪਰਿਵਾਰ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੇਕਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਂ ਰਹਿੰਦਿਆਂ ਗੋਤਾਖੋਰਾਂ ਦੀ ਕੋਈ ਟੀਮ ਮੁਹੱਈਆ ਕਰਵਾਈ ਹੁੰਦੀ ਤਾਂ ਸ਼ਾਇਦ ਨੌਜਵਾਨ ਦੀ ਜਾਨ ਬਚ ਜਾਂਦੀ ।