ਕਾਂਗਰਸ ਪਾਰਟੀ ਵੱਲੋਂ ਅੱਜ ਬਰਨਾਲਾ ਦੀ ਅਨਾਜ ਮੰਡੀ ਵਿਖੇ ਸੰਵਿਧਾਨ ਬਚਾਓ ਮੁਹਿੰਮ ਤਹਿਤ ਵੱਡੀ ਰੈਲੀ ਕੱਢੀ ਗਈ। ਰੈਲੀ ਵਿਚ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਹਲਕਾ ਵਿਧਾਇਕ ਕੁਲਦੀਪ ਸੰਘ ਕਾਲਾ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ਆਗੂਆਂ ਨੇ ਸ਼ਮੂਲੀਅਤ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਸਾਂਸਦ ਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਰਨਾਲਾ ਵਿਚ ਕਾਂਗਰਸ ਪਾਰਟੀ ਮੁੜ ਪੈਰਾਂ ਸਿਰ ਹੋ ਗਈ ਐ ਅਤੇ ਆਉਂਦੀਆਂ ਚੋਣਾਂ ਵਿਚ ਸਾਰੀਆਂ ਸੀਟਾਂ ਤੇ ਸ਼ਾਨਦਾਰ ਜਿੱਤ ਦਰਜ ਕਰੇਗੀ। ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਵਿਚ ਫੇਲ੍ਹ ਸਾਬਤ ਹੋਈ ਐ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਚ ਨੌਜਵਾਨਾਂ ਨੂੰ ਨੌਕਰੀਆਂ ਤੇ ਨਸ਼ੇ ਦਾ ਬਦਲ ਨਹੀਂ ਦਿੱਤਾ ਜਾਂਦਾ, ਇਹ ਅਲਾਮਤ ਸਮਾਪਤ ਨਹੀਂ ਹੋਵੇਗੀ। ਰਾਜਾ ਵੜਿੰਗ ਨੇ ਕਿਹਾ ਕਿ ਬਰਨਾਲਾ ਜ਼ਿਲ੍ਹਾ ਆਮ ਆਦਮੀ ਪਾਰਟੀ ਦਾ ਗੜ੍ਹ ਸੀ ਜਿੱਥੇ ਹੁਣ ਕਾਂਗਰਸ ਨੇ ਆਪਣੀ ਪਕੜ ਮੁੜ ਬਹਾਲ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਇਲਾਕੇ ਵਿੱਚ ਕਾਂਗਰਸ ਪਾਰਟੀ ਦੀ ਹਾਰ ਦੇਖ ਕੇ ਇਹ ਤੱਕ ਕਹਿਆ ਜਾਂਦਾ ਸੀ ਕਿ ਇੱਥੇ ਬੂਥ ਲਾਉਣ ਵਾਲਾ ਵੀ ਨਹੀਂ ਮਿਲੇਗਾ, ਪਰ ਜਦੋਂ ਤੋਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਹੋਰ ਵਰਕਰਾਂ ਨੇ ਮੋਰਚਾ ਸੰਭਾਲਿਆ, ਕਾਂਗਰਸ ਦੀ ਸਥਿਤੀ ਫਿਰ ਮਜ਼ਬੂਤ ਹੋਈ ਹੈ। ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਅੱਜ ਦੀ ਰੈਲੀ ਸਾਬਤ ਕਰਦੀ ਹੈ ਕਿ ਬਰਨਾਲਾ ਜ਼ਿਲ੍ਹੇ ਦੀ ਤਿੰਨੋ ਸੀਟਾਂ ‘ਤੇ ਆਉਣ ਵਾਲੇ ਚੋਣਾਂ ਵਿੱਚ ਕਾਂਗਰਸ ਵੱਡੀ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਭਦੌੜ ਅਤੇ ਮਹਿਲ ਕਲਾਂ ਹਲਕਿਆਂ ਵਿੱਚ ਹਾਲਾਂਕਿ ਕੋਈ ਇੰਚਾਰਜ ਨਹੀਂ ਹੈ, ਪਰ ਇਹ ਕਾਂਗਰਸ ਦੀ ਪਰੰਪਰਾ ਨਹੀਂ ਕਿ ਹਰ ਹਲਕੇ ਲਈ ਇੰਚਾਰਜ ਲਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਲਕਿਆਂ ‘ਚ 5-5 ਨੇਤਾ ਕੰਮ ਕਰ ਰਹੇ ਹਨ ਅਤੇ ਜੋ ਸਭ ਤੋਂ ਵਧੀਆ ਕੰਮ ਕਰੇਗਾ, ਉਸਨੂੰ ਟਿਕਟ ਦਿੱਤੀ ਜਾਵੇਗੀ। ਨਸ਼ੇ ਦੇ ਮੁੱਦੇ ‘ਤੇ ਰਾਜਾ ਵੜਿੰਗ ਨੇ ਮੈਡੀਕਲ ਨਸ਼ੇ ਨੂੰ ਲੈ ਕੇ ਗੰਭੀਰਤਾ ਜਤਾਈ ਅਤੇ ਕਿਹਾ ਕਿ 8500 ਮਾਮਲੇ ਦਰਜ ਹੋਣ ਦੇ ਬਾਵਜੂਦ ਵੀ ਨਸ਼ਾ ਰੁਕਿਆ ਨਹੀਂ, ਜਿਸਦਾ ਮਤਲਬ ਹੈ ਕਿ ਇਹ ਹੱਲ ਪ੍ਰਭਾਵਸ਼ਾਲੀ ਨਹੀਂ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਨਵੇਂ ਵਿਕਲਪ ਵੀ ਦਿੱਤੇ ਜਾਣੇ ਚਾਹੀਦੇ ਹਨ, ਤਾਂ ਜੋ ਨਸ਼ੇ ਵੱਲ ਜਾਣ ਦੀ ਲੋੜ ਹੀ ਨਾ ਪਵੇ।