ਸੰਗਰੂਰ ’ਚ ਨਿਕਲੀ ਨਸ਼ਿਆਂ ਖਿਲਾਫ ਸਖਤੀ ਦੇ ਦਾਅਵਿਆਂ ਦੀ ਫੂਕ/ ਸਿਵਲ ਹਸਪਤਾਲ ’ਚ ਨਸ਼ੇ ਨਾਲ ਝੂਮਦੇ ਨੌਜਵਾਨ ਦੀ ਵੀਡੀਓ ਹੋਈ ਵਾਇਰਲ/ ਲੋਕਾਂ ਨੇ ਸ਼ਰੇਆਮ ਨਸ਼ੇ ਵਿੱਕਣ ਦੇ ਲਾਏ ਇਲਜ਼ਾਮ

0
52

ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਕੁੱਝ ਥਾਵਾਂ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਕੁੱਝ ਹੋਰ ਹੀ ਕਹਾਣੀ ਬਿਆਨ ਕਰ ਰਹੀਆਂ ਨੇ। ਅਜਿਹੀਆਂ ਹੀ ਤਸਵੀਰਾਂ ਸੀਐਮ ਸਿਟੀ ਸੰਗਰੂਰ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇਕ ਨੌਜਵਾਨ ਨਸ਼ੇ ਵਿਚ ਝੂੰਮਦਾ ਦਿਖਾਈ ਦਿੱਤਾ ਐ। ਇਸ ਨੌਜਵਾਨ ਦੀ ਹਾਲਤ ਐਨੀ ਮਾੜੀ ਸੀ ਕਿ ਉਸ ਤੋਂ ਨਾ ਬੈਠਿਆ ਜਾ ਰਿਹਾ ਸੀ ਅਤੇ ਨਾ ਹੀ ਸਹੀ ਤਰ੍ਹਾਂ ਖਲੋਤਾ ਜਾ ਰਿਹਾ ਸੀ। ਇਸੇ ਦੌਰਾਨ ਮੌਕੇ ਤੇ ਪਹੁੰਚੇ ਮੀਡੀਆ ਕਰਮੀਆਂ ਨੇ ਉਸਨੂੰ ਤਸਵੀਰਾਂ ਵਿਚ ਕੈਦ ਕਰਨਾ ਸ਼ੁਰੂ ਕੀਤਾ, ਜਿਸ ਦਾ ਨੌਜਵਾਨ ਨੇ ਵਿਰੋਧ ਕਰਨਾ ਚਾਹਿਆ ਪਰ ਉਸ ਦੇ ਨਸ਼ਾ ਇਸ ਕਦਰ ਭਾਰੂ ਸੀ ਕਿ ਉਹ ਕੈਮਰੇ ਮੂਹਰੇ ਵੀ ਲਾਚਾਰ ਹਾਲਤ ਵਿਚ ਝੂੰਮਦਾ ਰਿਹਾ। ਮੀਡੀਆ ਕਰਮੀਆਂ ਵੱਲੋਂ ਪੁੱਛੇ ਜਾਣ ਤੇ ਉਸ ਨੇ ਐਨਾ ਹੀ ਕਿਹਾ ਕਿ ਉਸ ਨੇ ਗੋਲੀਆਂ ਖਾਧੀਆਂ ਨੇ ਅਤੇ ਉਹ ਸੰਗਰੂਰ ਦਾ ਰਹਿਣ ਵਾਲਾ ਐ। ਇਸੇ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਸ਼ਰੇਆਮ ਨਸ਼ੇ ਵਿੱਕਣ ਦੀ ਗੱਲ ਕਬੂਲਦਿਆਂ ਕਿਹਾ ਕਿ ਇਲਾਕੇ ਵਿਚ ਨਸ਼ੇ ਸ਼ਰੇਆਮ ਵਿੱਕ ਰਹੇ ਨੇ। ਮੌਕੇ ਤੇ ਮੌਜੂਦ ਇਕ ਸਖਸ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਸਰਕਾਰ ਵੱਲੋਂ ਨਸ਼ਾ ਛੁਡਾਉਣ ਲਈ ਦਿੱਤੀ ਜਾਂਦੀ ਗੋਲੀ ਵਿਚ ਵੀ ਐਨਾ ਜ਼ਿਆਦਾ ਨਸ਼ਾ ਐ ਕਿ ਆਮ ਬੰਦਾ ਉਸ ਦਾ ਸੇਵਨ ਨਹੀਂ ਕਰ ਸਕਦਾ। ਉਸ ਨੇ ਕਿਹਾ ਕਿ ਸਰਕਾਰ ਇਕ ਨਸ਼ਾ ਛੁਡਾ ਕੇ ਨੌਜਵਾਨਾਂ ਨੂੰ ਗੋਲੀਆਂ ਦਾ ਨਸ਼ਾ ਲਗਾਉਣ ਦੇ ਰਾਹ ਪਈ ਹੋਈ ਐ। ਉਨ੍ਹਾਂ ਕਿਹਾ ਕਿ ਨੌਜਵਾਨ ਸਵੇਰ ਸਾਰ ਹੀ ਗੋਲੀਆਂ ਲੈਣ ਲਈ ਸਰਕਾਰੀ ਹਸਪਤਾਲ ਵਿਚ ਲਾਈਨਾਂ ਵਿਚ ਲੱਗ ਜਾਂਦੇ ਨੇ, ਜਿੱਥੋਂ ਗੋਲੀਆਂ ਲੈਣ ਬਾਅਦ ਸਾਰਾ ਦਿਨ ਨਸ਼ੇ ਦੀ ਹਾਲਤ ਵਿਚ ਝੂੰਮਦੇ ਰਹਿੰਦੇ ਨੇ। ਲੋਕਾਂ ਨੇ ਸਰਕਾਰ ਦੀ ਨਸ਼ਿਆਂ ਖਿਲਾਫ ਮੁਹਿੰਮ ਨੂੰ ਨਾਕਾਫੀ ਕਰਾਰ ਦਿੰਦਿਆਂ ਨਸ਼ਿਆਂ ਦੇ ਖਾਤਮੇ ਲਈ ਪੁਖਤਾ ਕਦਮ ਚੁੱਕਣ ਦੀ  ਮੰਗ ਵੀ ਕੀਤੀ।

LEAVE A REPLY

Please enter your comment!
Please enter your name here