ਯੂਪੀਐਸਸੀ ਟੈਸਟ ਪਾਸ ਲਾਰਸਨ ਸਿੰਗਲਾ ਦੇ ਘਰ ਪਹੁੰਚੇ ਸਪੀਕਰ ਸੰਧਵਾਂ/ ਸਿੰਗਲਾ ਪਰਿਵਾਰ ਨੂੰ ਵੱਕਾਰੀ ਪ੍ਰੀਖਿਆ ਪਾਸ ਕਰਨ ’ਤੇ ਦਿੱਤੀ ਵਧਾਈ/ ਕਿਹਾ, ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣ ਗਏ ਨੇ ਲਾਰਸਨ ਸਿੰਗਲਾ

0
54

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਅੱਜ ਪਾਤੜਾਂ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਯੂਪੀਐਸਸੀ ਟੈਸਟ ਪਾਸ ਕਰਨ ਵਾਲੇ ਲਾਰਸਨ ਸਿੰਗਲਾ ਦੇ ਘਰ ਜਾ ਕੇ ਉਨ੍ਹਾਂ ਨੂੰ ਇਸ ਵੱਕਾਰੀ ਪ੍ਰੀਖਿਆ ਪਾਸ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਪਰਿਵਾਰ ਨੂੰ ਵਧਾਈ ਦਿੰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਵਕਾਰੀ ਟੈਸਟ ਪਾਸ ਕਰਕੇ ਲਾਰਸਨ ਸਿੰਗਲਾ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਗਿਆ ਹੈ। ਪੰਜਾਬ ਸਰਕਾਰ ਦੇ ਨੌਜਵਾਨਾਂ ਨੂੰ ਸਹੀ ਰਸਤਾ ਦਿਖਾਉਣ ਲਉ ਚੁੱਕੇ ਕਦਮਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ ਪਰੰਤੂ ਇਸ ਨੂੰ ਨਿਖਾਰਨ ਦੀ ਲੋੜ ਸੀ, ਜਿਸ ਲਈ ਸਰਕਾਰ ਨੇ ਮੈਂਟਰਸ਼ਿਪ ਤੇ ਇੱਕ ਦਿਨ ਡੀਸੀ/ਐਸਐਸਪੀ ਸੰਗ ਪ੍ਰੋਗਰਾਮ ਸ਼ੁਰੂ ਕੀਤੇ ਹਨ, ਜਿਸ ਨਾਲ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਨੂੰ ਤਰਜੀਹ ਦਿੰਦਿਆਂ ਕੌਮੀ ਤੇ ਕੌਮਾਂਤਰੀ ਪੱਧਰ ਦੀ ਬਣਾਉਣ ਲਈ ਆਪਣੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਫਿਨਲੈਂਡ ਤੇ ਸਿੰਗਾਪੁਰ ਸਿਖਲਾਈ ਲੈਣ ਲਈ ਭੇਜਿਆ ਜਦਕਿ ਪਿਛਲੀਆਂ ਸਰਕਾਰਾਂ ਸਮੇਂ ਮੰਤਰੀ ਹੀ ਵਿਦੇਸ਼ਾਂ ਦੇ ਦੌਰੇ ਕਰਦੇ ਰਹੇ ਸਨ। ਸਪੀਕਰ ਸੰਧਵਾਂ ਨੇ ਕਿਹਾ ਕਿ ਇਹ ਖੁਸ਼ੀ ਤੇ ਧਰਵਾਸ ਵਾਲੀ ਗੱਲ ਹੈ ਕਿ ਪੰਜਾਬ ਦੇ ਨੌਜਵਾਨ ਪੁਰਾਣਾ ਜਾਹੋ-ਜਲਾਲ ਬਹਾਲ ਕਰਨ ਲੱਗੇ ਹਨ ਅਤੇ ਪ੍ਰਾਪਤੀਆਂ ਹਾਸਲ ਕਰਕੇ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਵੱਲ ਵੱਧ ਰਹੇ ਹਨ। ‘ਬੇਹਿੰਮਤੇ ਨੇ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ..’ ਸ਼ੇਅਰ ਸੁਣਾਉਂਦਿਆਂ ਸੰਧਵਾਂ ਨੇ ਕਿਹਾ ਕਿ ਲਾਰਸਨ ਬੇਸ਼ੱਕ ਕਾਲਜ ਵਿੱਚ ਜਾ ਕੇ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕਿਆ ਪਰ ਉਸ ਨੇ ਹਿੰਮਤ ਕੀਤੀ ਤੇ ਆਪਣੀ ਮਿਹਨਤ ਸਦਕਾ ਹੀ ਆਪਣਾ ਮੁਕਾਮ ਹਾਸਲ ਕੀਤਾ ਹੈ। ਕੁਲਤਾਰ ਸਿੰਘ ਸੰਧਵਾਂ ਨੇ ਨੌਜਵਾਨਾਂ ਨੂੰ ਲਗਨ ਨਾਲ ਮਿਹਨਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਲਾਰਸਨ ਨੇ ਪੰਜਾਬ ਤੇ ਪਾਤੜਾਂ ਸਮੇਤ ਆਪਣੇ ਪਰਿਵਾਰ ਤੇ ਅਧਿਆਪਕਾਂ ਦਾ ਮਾਣ ਵਧਾਇਆ ਹੈ ਤੇ ਨਾਮ ਰੌਸ਼ਨ ਕੀਤਾ ਹੈ, ਜਿਸ ਲਈ ਨੌਜਵਾਨ ਪੀੜ੍ਹੀ ਲਾਰਸਨ ਵਰਗੇ ਹਿੰਮਤੀ ਨੌਜਵਾਨਾਂ ਤੋਂ ਪ੍ਰੇਰਿਤ ਹੋ ਕੇ ਆਪਣੇ ਟੀਚੇ ਹਾਸਲ ਕਰੇ।

LEAVE A REPLY

Please enter your comment!
Please enter your name here