
ਤਰਨ ਤਾਰਨ ਦੇ ਪਿੰਡ ਘਰਿਆਲੀ ਦਾਸੂਵਾਲ ਠੱਠਾ ਵਿਖੇ 11 ਕੇਵੀ ਬਿਜਲੀ ਲਾਈਨ ਦੇ ਖੰਭੇ ਟੁੱਟਣ ਦਾ ਮੁੱਦਾ ਗਰਮਾ ਗਿਆ ਐ। ਇੱਥੇ ਇਕੱਠਾ ਹੋਏ ਲੋਕਾਂ ਨੇ ਬਿਜਲੀ ਮਹਿਕਮੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਦਾ ਇਲਜਾਮ ਸੀ ਕਿ ਇਹ ਖੰਭੇ ਹਫਤਾ ਪਹਿਲਾਂ ਭੇਦਭਰੀ ਹਾਲਤ ਵਿਚ ਟੁੱਟ ਗਏ ਸੀ ਪਰ ਬਿਜਲੀ ਮਹਿਕਮੇ ਤਕ ਵਾਰ ਵਾਰ ਪਹੁੰਚ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਕਿਸਾਨਾਂ ਦਾ ਇਲਜਾਮ ਸੀ ਕਿ ਖੰਭੇ ਟੁੱਟਣ ਕਾਰਨ ਉਨ੍ਹਾਂ ਦੀਆਂ ਪਨੀਰੀਆਂ ਸੁੱਕ ਗਈਆਂ ਨੇ ਪਰ ਬਿਜਲੀ ਮਹਿਕਮਾ ਕੋਈ ਕਾਰਵਾਈ ਨਹੀਂ ਕਰ ਰਿਹਾ। ਲੋਕਾਂ ਨੇ ਬਿਜਲੀ ਮਹਿਕਮੇ ਤੋਂ ਲਾਈਨ ਛੇਤੀ ਚਾਲੂ ਕਰਨ ਦੀ ਮੰਗ ਕੀਤੀ ਐ। ਲੋਕਾਂ ਨੇ ਦੱਬੀ ਜ਼ੁਬਾਨ ਲਾਈਨਾਂ ਹੇਠਾਂ ਬਣੇ ਨਵੇਂ ਮਕਾਨ ਦੇ ਮਾਲਕਾਂ ਤੇ ਖੰਭੇ ਜਾਣਬੁੱਝ ਕੇ ਤੋੜਣ ਦੇ ਇਲਜਾਮ ਲਾਏ ਹਨ। ਕਿਸਾਨਾਂ ਦਾ ਕਹਿਣਾ ਐ ਕਿ ਇਹ 11 ਹਜ਼ਾਰ ਕੇਵੀ ਦੀ ਲਾਈਨ ਤਕਰੀਬਨ 40 ਸਾਲ ਪੁਰਾਣੀ ਹੈ ਅਤੇ ਇਸ ਦੇ ਥੱਲੇ ਇੱਕ ਵਿਅਕਤੀ ਵੱਲੋਂ ਪਿਛਲੇ ਦੋ ਸਾਲ ਤੋਂ ਘਰ ਪਾਇਆ ਹੋਇਆ ਹੈ ਅਤੇ ਉਸੇ ਚੱਕਰ ਵਿੱਚ ਹੀ ਪਿਛਲੇ ਵੀਰਵਾਰ ਦੇਰ ਰਾਤ ਘਰ ਦੇ ਦੋਨੋਂ ਬੰਨਿਓ ਇਸ 11ਕੇਵੀ ਦੀ ਲਾਈਨ ਦੇ ਖੰਭੇ ਭੇਦਭਰੀ ਹਾਲਤ ਵਿਚ ਟੁੱਟ ਗਏ ਨੇ। ਇੰਨਾ ਹੀ ਨਹੀਂ, ਇਸ ਲਾਈਨ ਤੋਂ ਇਕ ਕਿੱਲੇ ਦੇ ਕਰੀਬ ਦੀਆਂ ਤਾਰਾਂ ਵੀ ਗਾਇਬ ਹੋ ਚੁੱਕੀਆਂ ਨੇ। ਲਾਈਨ ਟੁੱਟਣ ਕਾਰਨ ਇਸ ਤੋਂ ਅੱਗੇ ਪੈਂਦੇ ਸਾਰੇ ਕਿਸਾਨਾਂ ਦੀਆਂ ਮੋਟਰਾਂ ਬੰਦ ਹੋ ਗਈਆਂ ਨੇ। ਕਿਸਾਨਾਂ ਦਾ ਕਹਿਣਾ ਐ ਕਿ ਉਹ ਇਸ ਬਾਰੇ ਮਹਿਕਮੇ ਤਕ ਕਈ ਵਾਰ ਪਹੁੰਚ ਕਰ ਚੁੱਕੇ ਨੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਕਿਸਾਨਾਂ ਨੇ ਬਿਜਲੀ ਮਹਿਕਮੇ ਦੇ ਉਚ ਅਧਿਕਾਰੀਆਂ ਤੋਂ ਲਾਈਨ ਨੂੰ ਛੇਤੀ ਚਾਲੂ ਕਰਨ ਦੀ ਮੰਗ ਕੀਤੀ ਤਾਂ ਜੋ ਆਉਂਦੇ ਝੋਨੇ ਦੇ ਸੀਜਨ ਦੌਰਾਨ ਕੋਈ ਮੁਸ਼ਕਲ ਨਾ ਆਵੇ।

