ਬਠਿੰਡਾ ਪੁਲਿਸ ਵੱਲੋਂ ਬਰਖਾਸਤ ਮਹਿਲਾ ਕਾਂਸਟੇਬਲ ਦੀ ਜਾਇਦਾਦ ਸੀਜ਼/ ਪੁਲਿਸ ਨੇ ਜਾਇਦਾਦ ਦੇ ਬਾਹਰ ਚਿਪਕਾਇਆ ਕੁਰਕੀ ਦਾ ਨੋਟਿਸ

0
20

ਨਸ਼ਿਆਂ ਦੇ ਕਾਰੋਬਾਰ ਦੇ ਦੋਸ਼ਾਂ ਹੇਠ ਬਰਖਾਸਤ ਮਹਿਲਾਂ ਕਾਂਸਟੇਬਲ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ। ਬੀਤੇ ਦਿਨ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਬਠਿੰਡਾ ਪੁਲਿਸ ਨੇ ਮੁਲਜ਼ਮਾ ਦੀਆਂ ਜਾਇਦਦਾਂ ਨੂੰ ਸੀਜ਼ ਕਰਨ ਦੀ ਪ੍ਰੀਕਿਰਿਆ ਆਰੰਭ ਦਿੱਤੀ ਐ। ਪੁਲਿਸ ਨੇ ਉਸ ਦਾ ਇਕ ਕੋਠੀ, ਇਕ ਪਲਾਟ, ਥਾਰ ਗੱਡੀ ਤੇ ਮੋਬਾਈਲ ਫੋਨ ਸੀਜ਼ ਕਰ ਦਿੱਤਾ ਐ। ਪੁਲਿਸ ਨੇ ਉਸ ਦੀਆਂ ਜਾਇਦਾਦਾਂ ’ਤੇ ਸਬੰਧਤ ਅਥਾਰਟੀ ਦੇ ਆਰਡਰ ਚਿਪਕਾ ਦਿੱਤੇ ਨੇ। ਪੁਲਿਸ ਦੇ ਦੱਸਣ ਮੁਤਾਬਕ ਸਬੰਧਤ ਅਥਾਰਟੀ ਵੱਲੋਂ ਕਰੀਬ ਇਕ ਕਰੋੜ 38 ਲੱਖ ਰੁਪਏ ਦੀ ਜਾਇਦਾਦ ਸੀਜ਼ ਕੀਤੀ ਗਈ ਐ।  ਜ਼ਬਤ ਕੀਤੀ ਜਾਇਦਾਦ ਦੀ ਕੀਮਤ 1.35 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਐ। ਇਹ ਕਾਰਵਾਈ 2 ਅਪ੍ਰੈਲ 2025 ਨੂੰ ਥਾਣਾ ਕੈਨਾਲ ਕਲੋਨੀ ਵਿਖੇ ਦਰਜ ਐਫਆਈਆਰ ਨੰਬਰ 65 ਤਹਿਤ ਕੀਤੀ ਗਈ ਹੈ, ਜੋ ਕਿ ਐਨਡੀਪੀਐਸ ਐਕਟ ਦੀ ਧਾਰਾ 21ਬੀ, 61 ਅਤੇ 85 ਤਹਿਤ ਦਰਜ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਰਹਿਣ ਵਾਲੀ ਅਮਨਦੀਪ ਕੌਰ ਜਸਵੰਤ ਸਿੰਘ ਦੀ ਧੀ ਹੈ ਅਤੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ ਪਰ ਮੁੱਢਲੀ ਜਾਂਚ ਵਿੱਚ ਗੰਭੀਰ ਸ਼ੱਕ ਉਠਾਏ ਜਾਣ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਜ਼ਬਤ ਕੀਤੀ ਜਾਇਦਾਦ ਵਿਚ ਇੱਕ ਪਲਾਟ ਵਿਰਾਟ ਗ੍ਰੀਨ, ਬਠਿੰਡਾ ਵਿੱਚ ਹੈ, ਜਿਸਦੀ ਕੀਮਤ 99 ਲੱਖ ਰੁਪਏ ਹੈ ਅਤੇ ਦੂਜਾ ਡਰੀਮ ਸਿਟੀ, ਬਠਿੰਡਾ ਵਿੱਚ 120.83 ਗਜ਼ ਦਾ ਪਲਾਟ ਹੈ, ਜਿਸ ਦੀ ਅਨੁਮਾਨਿਤ ਕੀਮਤ 18.12 ਲੱਖ ਰੁਪਏ ਹੈ। ਇਸ ਤੋਂ ਇਲਾਵਾ, ਇੱਕ ਮਹਿੰਗੀ ਥਾਰ SUV ਜਿਸਦੀ ਬਾਜ਼ਾਰ ਕੀਮਤ 14 ਲੱਖ ਰੁਪਏ ਹੈ ਅਤੇ ਇੱਕ ਰਾਇਲ ਐਨਫੀਲਡ ਬੁਲੇਟ ਮੋਟਰਸਾਈਕਲ ਜਿਸ ਦੀ ਕੀਮਤ 1.70 ਲੱਖ ਰੁਪਏ ਹੈ, ਨੂੰ ਵੀ ਜ਼ਬਤ ਕੀਤਾ ਗਿਆ ਹੈ। 2 ਆਈਫੋਨ ਅਤੇ ਇੱਕ ਵੀਵੋ ਮੋਬਾਈਲ ਵੀ ਜ਼ਬਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਉਸ ਤੋਂ 1 ਲੱਖ ਰੁਪਏ ਦੀ ਇੱਕ ਰੋਲੈਕਸ ਘੜੀ ਵੀ ਬਰਾਮਦ ਕੀਤੀ ਗਈ ਹੈ। ਇਸ ਸਭ ਤੋਂ ਇਲਾਵਾ, ਉਸ ਦੇ ਨਾਮ ‘ਤੇ ਸਟੇਟ ਬੈਂਕ ਆਫ਼ ਇੰਡੀਆ ਦੇ ਖਾਤੇ ਤੋਂ ₹1,01,588.53 ਦੀ ਨਕਦੀ ਵੀ ਜ਼ਬਤ ਕੀਤੀ ਗਈ ਹੈ। ਵਿਜੀਲੈਂਸ ਬਿਊਰੇ ਦੇ ਬੁਲਾਰੇ ਮੁਤਾਬਕ ਸ਼ਿਕਾਇਤ ਨੰਬਰ 94/2025 ਦੀ ਜਾਂਚ ਤੋਂ ਬਾਅਦ ਮੁਲਜ਼ਮ ਅਮਨਦੀਪ ਕੌਰ ਖ਼ਿਲਾਫ਼ ਬਠਿੰਡਾ ਰੇਂਜ ਦੇ ਪੁਲਿਸ ਥਾਣਾ ਵਿਜੀਲੈਂਸ ਬਿਊਰੋ ਵਿਖੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਸ ਜਾਂਚ ਦੌਰਾਨ ਉਕਤ ਮੁਲਜ਼ਮ ਦੀ ਤਨਖਾਹ, ਬੈਂਕ ਖਾਤਿਆਂ ਅਤੇ ਕਰਜ਼ੇ ਦੇ ਰਿਕਾਰਡ ਦੇ ਨਾਲ ਨਾਲ ਉਸ ਵੱਲੋਂ ਸਾਲ 2018 ਅਤੇ 2025 ਦਰਮਿਆਨ ਬਣਾਈਆਂ ਗਈਆਂ ਚੱਲ ਅਤੇ ਅਚੱਲ ਜਾਇਦਾਦਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮਿਆਦ ਦੌਰਾਨ ਅਮਨਦੀਪ ਕੌਰ ਦੀ ਕੁੱਲ ਆਮਦਨ 1,08,37,550 ਰੁਪਏ ਦੇ ਮੁਕਾਬਲੇ ਉਸ ਦਾ ਖਰਚ 1,39,64,802.97 ਰੁਪਏ ਪਾਇਆ ਗਿਆ, ਜੋ ਕਿ ਉਸ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ 31,27,252.97 ਰੁਪਏ ਅਤੇ ਉਸਦੀ ਜਾਇਜ਼ ਕਮਾਈ ਤੋਂ 28.85 ਫੀਸਦ ਵੱਧ ਹੈ। ਬੁਲਾਰੇ ਮੁਤਾਬਕ ਇਸ ਜਾਂਚ ‘ਚ ਸਾਹਮਣੇ ਆਏ ਤੱਥਾਂ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਅਤੇ 13(2) ਤਹਿਤ ਵਿਜੀਲੈਂਸ ਬਿਊਰੋ ਥਾਣਾ ਬਠਿੰਡਾ ਰੇਂਜ ਵਿਖੇ ਮੁਕੱਦਮਾ ਨੰਬਰ 15 ਮਿਤੀ 26/05/2025 ਦਰਜ ਕੀਤਾ ਹੈ ਅਤੇ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ। ਗ੍ਰਿਫਤਾਰ ਕੀਤੀ ਗਈ ਮਹਿਲਾ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ 27 ਮਈ ਨੂੰ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼। ਪੰਜਾਬ ਵਿਜੀਲੈਂਸ ਬਿਊਰੋ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਸੀ। ਦੱਸਣਯੋਗ ਐ ਕਿ ਅਮਨਦੀਪ ਕੌਰ ਨੂੰ ਪੁਲਿਸ ਨੇ 2 ਅਪ੍ਰੈਲ 2025 ਨੂੰ ਬਠਿੰਡਾ ਦੇ ਲਾਡਲੀ ਢਾਈ ਚੌਕ ਤੋਂ 17 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ, ਵਿਭਾਗ ਨੇ ਉਸਨੂੰ ਮੁਅੱਤਲ ਕਰ ਦਿੱਤਾ। ਹਾਲਾਂਕਿ 29 ਅਪ੍ਰੈਲ ਨੂੰ ਅਮਨਦੀਪ ਕੌਰ ਨੂੰ ਡਰੱਗਜ਼ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਸੀ।

LEAVE A REPLY

Please enter your comment!
Please enter your name here