ਭਾਰਤ ਵੱਲੋਂ ਪਾਕਿਸਤਾਨ ਤੇ ਕੀਤੀ ਸਰਜੀਕਲ ਸਟਰਾਈਕ ਤੋਂ ਬਾਅਦ ਭਾਰਤ ਵਾਲੇ ਪਾਸੇ ਵੀ ਹਮਲੇ ਦੀਆਂ ਸ਼ੰਕਾਵਾਂ ਦੇ ਚਲਦਿਆਂ ਚੌਕਸੀ ਵਰਤੀ ਜਾ ਰਹੀ ਐ। ਇਸੇ ਦੌਰਾਨ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੰਧੇਰ ਵਿਚ ਖੇਤਾਂ ਵਿਚ ਬੰਬਨੁਮਾ ਚੀਜ਼ ਕਾਰਨ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਐ। ਇਸ ਘਟਨਾ ਤੋਂ ਬਾਅਦ ਪਿੰਡ ਅੰਦਰ ਦਹਿਸ਼ਤ ਦਾ ਮਾਹੌਲ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਤੇ ਫੌਜੀ ਅਧਿਕਾਰੀਆਂ ਨੇ ਬੰਬਨੁਮਾ ਚੀਜ਼ ਦੇ ਮਲਬੇ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਇਹ ਘਟਨਾ ਰਾਤ 1.30 ਵਜੇ ਦੀ ਐ ਜਦੋਂ ਉਨ੍ਹਾਂ ਨੇ ਅਸਮਾਨ ਵਿਚ ਇਕ ਜ਼ੋਰਦਾਰ ਧਮਾਕੇ ਆਵਾਜ ਸੁਣੀ ਸੀ। ਬੇਸ਼ੱਕ ਲੋਕਾਂ ਵਿਚ ਡਰ ਦਾ ਮਾਹੌਲ ਜ਼ਰੂਰ ਹੈ ਪਰ ਉਨ੍ਹਾਂ ਦੇ ਹੌਸਲੇ ਬੁਲੰਦ ਹਨ। ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲਸ ਮੁਖੀ ਆਦਿੱਤਿਆ ਪੁਲਿਸ ਅਧਿਕਾਰੀਆਂ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਨਾਲ ਮੌਕੇ ’ਤੇ ਪਹੁੰਚ ਗਏ, ਜਦਕਿ ਬਾਅਦ ਵਿਚ ਫੌਜ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਬੰਬ ਦੇ ਟੁਕੜਿਆਂ ਦੀ ਜਾਂਚ ਕੀਤੀ ਗਈ। ਅਸਮਾਨ ਵਿਚ ਫੱਟਣ ਵਾਲੇ ਬੰਬ ਦੇ ਟੁਕੜੇ ਲਗਭਗ ਦੋ ਏਕੜ ਜ਼ਮੀਨ ਵਿਚ ਖਿੱਲਰੇ ਹੋਏ ਸਨ ਅਤੇ ਪੁਲਿਸ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਘੇਰ ਲਿਆ। ਫਿਲਹਾਲ ਕੋਈ ਵੀ ਅਧਿਕਾਰੀ ਇਸ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ ਕਿਉਂਕਿ ਇਹ ਪਤਾ ਨਹੀਂ ਹੈ ਕਿ ਇਹ ਬੰਬ ਕਿਵੇਂ ਫਟਿਆ, ਕਿੱਥੋਂ ਆਇਆ ਅਤੇ ਕਿਸ ਨੇ ਸੁੱਟਿਆ। ਲੋਕਾਂ ਨੇ ਦੱਸਿਆ ਕਿ ਜਦੋਂ ਇਹ ਧਮਾਕਾ ਰਾਤ ਨੂੰ ਲਗਭਗ 1.30 ਵਜੇ ਹੋਇਆ ਤਾਂ ਅਸਮਾਨ ਵਿਚ ਕਿਸੇ ਵੀ ਜਹਾਜ਼ ਆਦਿ ਦੀ ਆਵਾਜ਼ ਨਹੀਂ ਸੁਣਾਈ ਦਿੱਤੀ। ਲੋਕ ਰਾਤ ਭਰ ਡਰੇ ਰਹੇ ਅਤੇ ਸਵੇਰੇ ਪਤਾ ਲੱਗਾ ਕਿ ਖੇਤਾਂ ਵਿਚ ਬੰਬਨੁਮਾ ਚੀਜ਼ ਦੇ ਟੁਕੜੇ ਖਿਲਰੇ ਹੋਏ ਸਨ। ਮੌਕੇ ਤੇ ਪਹੁੰਚੇ ਅਧਿਕਾਰੀ ਨੇ ਲੋਕਾਂ ਨੂੰ ਹੌਸਲਾ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ੱਕੀ ਟੁਕੜਿਆਂ ਦੀ ਜਾਂਚ ਕੀਤੀ ਜਾ ਰਹੀ ਐ।