Uncategorized ਪਾਣੀ ਦੇ ਮੁੱਦੇ ’ਤੇ ਆਹਮੋ ਸਾਹਮਣੇ ਹੋਈ ਪੰਜਾਬ ਤੇ ਹਰਿਆਣਾ ਸਰਕਾਰ/ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਇਕ-ਦੂਜੇ ਵੱਲ ਸਾਧੇ ਨਿਸ਼ਾਨੇ/ ਸੀਐਮ ਮਾਨ ਦੇ ਬਿਆਨ ਦਾ ਹਰਿਆਣਾ ਸੀਐਮ ਸੈਣੀ ਨੇ ਦਿੱਤਾ ਜਵਾਬ By admin - April 30, 2025 0 5 Facebook Twitter Pinterest WhatsApp ਪਾਣੀਆਂ ਦੇ ਮੁੱਦੇ ਤੇ ਪੰਜਾਬ ਅਤੇ ਹਰਿਆਣਾ ਇਕ ਵਾਰ ਫਿਰ ਆਹਮੋ ਸਾਹਮਣੇ ਆ ਗਏ ਨੇ। ਇਸ ਵਾਰ ਇਹ ਤਣਾਅ ਐਸਵਾਈਐਲ ਕਰ ਕੇ ਨਹੀਂ ਬਲਕਿ ਭਾਖੜਾ ਨਹਿਰ ਰਾਹੀਂ ਹਰਿਆਣਾ ਨੂੰ ਮਿਲਣ ਵਾਲੇ ਪਾਣੀ ਨੂੰ ਲੈ ਕੇ ਐ। ਪੰਜਾਬ ਸਰਕਾਰ ਦਾ ਕਹਿਣਾ ਐ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਲੈ ਚੁੱਕਾ ਐ, ਜਿਸ ਕਾਰਨ ਉਸ ਨੂੰ ਮਿਲਣ ਵਾਲੇ ਪਾਣੀ ਦੀ ਮਿਕਦਾਰ ਘਟਾਈ ਜਾ ਰਹੀ ਐ। ਪੰਜਾਬ ਸਰਕਾਰ ਦਾ ਤਰਕ ਐ ਕਿ ਪੰਜਾਬ ਨੂੰ ਆਉਂਦੇ ਝੋਨੇ ਦੇ ਸੀਜ਼ਨ ਦੌਰਾਨ ਪਾਣੀ ਦੀ ਕਾਫੀ ਜ਼ਿਆਦਾ ਲੋੜ ਹੋਵੇਗੀ, ਜਿਸ ਕਾਰਨ ਉਹ ਹਰਿਆਣਾ ਨੂੰ ਵਾਧੂ ਪਾਣੀ ਨਹੀਂ ਦੇ ਸਕਦਾ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨਾਲ ਚਾਲਾਂ ਖੇਡ ਰਹੀ ਐ, ਜਿਸ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। ਮਾਨ ਦਾ ਕਹਿਣਾ ਹੈ ਕਿ ਭਾਜਪਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ‘ਤੇ ਹਰਿਆਣਾ ਨੂੰ ਪਾਣੀ ਦੇਣ ਲਈ ਦਬਾਅ ਪਾ ਰਹੀ ਹੈ। ਜਦਕਿ ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕਾ ਹੈ। ਅਜਿਹੀ ਸਥਿਤੀ ਵਿੱਚ ਪੰਜਾਬ ਕੋਲ ਹਰਿਆਣਾ ਲਈ ਵਾਧੂ ਪਾਣੀ ਨਹੀਂ ਹੈ। ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੀਐਮ ਮਾਨ ਤੇ ਮਾਮਲੇ ਨੂੰ ਬੇਵਜ੍ਹਾ ਸਿਆਸੀ ਰੰਗਤ ਦੇਣ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਹਰਿਆਣਾ ਨੂੰ ਅਜੇ ਤੱਕ ਆਪਣਾ ਪੂਰਾ ਹਿੱਸਾ ਨਹੀਂ ਮਿਲਿਆ ਹੈ। ਪਿਛਲੇ ਹਫ਼ਤੇ, ਹਰਿਆਣਾ ਨੂੰ ਸਿਰਫ਼ 4,000 ਕਿਊਸਿਕ ਪੀਣ ਵਾਲਾ ਪਾਣੀ ਮਿਲਿਆ ਹੈ ਜੋ ਕਿ ਹਰਿਆਣਾ ਦੀ ਕੁੱਲ ਮੰਗ ਦਾ ਲਗਭਗ 60% ਹੈ। ਜੇਕਰ ਹਰਿਆਣਾ ਨੂੰ ਮੰਗ ਅਨੁਸਾਰ ਪਾਣੀ ਮਿਲਦਾ ਵੀ ਐ ਤਾਂ ਇਹ ਭਾਖੜਾ ਡੈਮ ਦੇ ਜਲ ਭੰਡਾਰ ਦਾ ਸਿਰਫ਼ 0.0001% ਹੋਵੇਗਾ। ਜੇਕਰ ਹਰਿਆਣਾ ਦੇ ਸੰਪਰਕ ਬਿੰਦੂ ‘ਤੇ ਘੱਟ ਪਾਣੀ ਹੈ ਤਾਂ ਦਿੱਲੀ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਵੇਗੀ। ਉਨ੍ਹਾਂ ਇਲਜਾਮ ਲਾਇਆ ਕਿ ਜਦੋਂ ਤੱਕ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ, ਸੀਐਮ ਮਾਨ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਹੁਣ ਉਹ ਪਾਣੀ ਦੇਣ ਤੋਂ ਇਨਕਾਰ ਕਰ ਰਹੇ ਨੇ। ਇਸੇ ਤਰ੍ਹਾਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵੀ ਪੰਜਾਬ ਸਰਕਾਰ ਨੂੰ ਘੇਰਿਆ ਐ। ਪਾਕਿਸਤਾਨ ਨਾਲ ਚੱਲ ਰਹੀ ਖਿੱਚੋਤਾਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਾਣਬੁਝ ਕੇ ਪਾਣੀ ਦਾ ਮੁੱਦਾ ਉਛਾਲ ਰਹੀ ਐ, ਜਦਕਿ ਬੀਬੀਐਮਬੀ ਦੀਆਂ ਮੀਟਿੰਗਾਂ ਰੋਟੀਨ ਦਾ ਹਿੱਸਾ ਹਨ। ਉਧਰ ਆਮ ਸਾਂਸਦ ਮਾਲਵਿੰਦਰ ਕੰਗ ਨੇ ਕੇਂਦਰੀ ਮੰਤਰੀ ਰਾਜ ਰਵਨੀਤ ਬਿੱਟੂ ਦੇ ਦੋਸ਼ਾਂ ਦਾ ਜਵਾਬ ਦਿੱਤਾ ਐ। ਕੰਗ ਨੇ ਕੇਂਦਰ ਅਤੇ ਹਰਿਆਣਾ ਸਰਕਾਰ ‘ਤੇ ਪੰਜਾਬ ਦੇ ਹਿੱਤਾਂ ਵਿਰੁੱਧ ਸਾਜ਼ਿਸ਼ ਰਚਣ ਦੇ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਕਿ ਪੰਜਾਬ ਨੇ ਹਰਿਆਣਾ ਨੂੰ ਉਸਦੇ ਹਿੱਸੇ ਦਾ ਪੂਰਾ ਪਾਣੀ ਦੇ ਦਿੱਤਾ ਹੈ ਪਰ ਹੁਣ ਪੰਜਾਬ ਵਿੱਚ ਪਾਣੀ ਦੀ ਘਾਟ ਕਾਰਨ ਵਾਧੂ ਪਾਣੀ ਦੇਣਾ ਸੰਭਵ ਨਹੀਂ ਹੈ।