
ਪੰਜਾਬ ਅੰਦਰ ਕਣਕ ਦੇ ਚੱਲ ਰਹੇ ਵੱਢਾਈ ਸੀਜ਼ਨ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਅਜਿਹਾ ਹੀ ਮਾਮਲਾ ਬਰਨਾਲਾ ਦੇ ਪਿੰਡ ਫਤਿਹਗੜ੍ਹ ਧੋਲਾ ਤੋਂ ਸਾਹਮਣੇ ਆਇਆ ਐ, ਜਿੱਥੇ ਇਕ ਗਰੀਬ ਕਿਸਾਨ ਦਾ ਟਰੈਕਟਰ ਅਚਾਨਕ ਲੱਗੀ ਅੱਗ ਦੀ ਭੇਂਟ ਚੜ੍ਹ ਗਿਆ ਐ। ਪੀੜਤ ਕਿਸਾਨ ਦੀ ਪਛਾਣ ਗੁਰਮੇਲ ਸਿੰਘ ਵਜੋਂ ਹੋਈ ਐ ਜੋ ਇਕ ਏਕੜ ਜ਼ਮੀਨ ਦਾ ਮਾਲਕ ਐ ਅਤੇ ਜ਼ਮੀਨ ਠੇਕੇ ਤੇ ਲੈ ਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਰਿਹਾ ਸੀ। ਕਿਸਾਨ ਦੇ ਦੱਸਣ ਮੁਤਾਬਕ ਉਹ ਟਰੈਕਟਰ ਲੈ ਕੇ ਖੇਤ ਆਇਆ ਹੋਇਆ ਸੀ ਕਿ ਟਰੈਕਟਰ ਦੀ ਬੈਟਰੀ ਵਿਚੋਂ ਸਪਾਰਕਿੰਗ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਕਣਕ ਦੇ ਸੁੱਕੇ ਨਾੜ ਕਾਰਨ ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਉਸ ਨੇ ਮਿੰਟਾਂ ਵਿਚ ਹੀ ਭਿਆਨਕ ਰੂਪ ਅਖਤਿਆਰ ਕਰ ਲਿਆ। ਉਸ ਨੇ ਟਰੈਕਟਰ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕਿਆ ਅਤੇ ਮਿੰਟਾਂ ਵਿਚ ਹੀ ਉਸ ਦਾ ਟਰੈਕਟਰ ਸੜ ਕੇ ਸੁਆਹ ਹੋ ਗਿਆ। ਕਿਸਾਨ ਦੇ ਦੱਸਣ ਮੁਤਾਬਕ ਉਸ ਸਿਰ 5 ਲੱਖ ਦਾ ਕਰਜ਼ਾ ਐ ਅਤੇ ਟਰੈਕਟਰ ਤੇ ਨਾੜ ਸੜਣ ਕਾਰਨ ਉਸ ਦਾ ਦੋ ਲੱਖ ਦਾ ਨੁਕਸਾਨ ਹੋ ਗਿਆ ਐ। ਪੀੜਤ ਨੇ ਸਰਕਾਰ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ। ਉਧਰ ਕਿਸਾਨ ਦੇ ਹੱਕ ਵਿਚ ਨਿਤਰੀਆਂ ਕਿਸਾਨ ਜਥੇਬੰਦੀਆਂ ਨੇ ਸਰਕਾਰ ਤੋਂ ਪੀੜਤ ਕਿਸਾਨ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਐ।


