
ਪਹਿਲਗਾਮ ਕਤਲੇਆਮ ਤੋਂ ਬਾਅਦ ਜਿੱਥੇ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਲੱਗਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਨੇ ਉੱਥੇ ਹੀ ਸਰਹੱਦੀ ਪਿੰਡਾਂ ਅੰਦਰ ਭਾਰੀ ਸਹਿਮ ਪਾਇਆ ਜਾ ਰਿਹਾ ਐ। ਗੱਲ ਜੇਕਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਕੀਤੀ ਜਾਵੇ ਤਾਂ ਇੱਥੇ ਸਰਹੱਦ ਨੇੜੇ ਵਸੇ ਪਿੰਡਾਂ ਦੇ ਲੋਕਾਂ ਅੰਦਰ ਡਰ ਦਾ ਮਾਹੌਲ ਬਣਿਆਂ ਹੋਇਆ ਐ। ਖਾਸ ਕਰ ਕੇ ਪਿੰਡਾਂ ਦੇ ਗੁਰੂ ਘਰਾਂ ਤੋਂ ਸੁਕੰਨੇ ਰਹਿਣ ਅਤੇ ਤਾਰ ਪਾਰਲੇ ਖੇਤਾਂ ਵਿਚੋਂ ਫਸਲਾਂ ਛੇਤੀ ਸਾਭਣ ਦੀਆਂ ਅਨਾਊਸਮੈਂਟਾਂ ਕੀਤੀਆਂ ਜਾ ਰਹੀਆਂ ਨੇ। ਲੋਕਾਂ ਕਿਸੇ ਵੀ ਕਿਸਮ ਦੀ ਸ਼ੱਕੀ ਹਰਕਤ ਦੀ ਸੂਚਨਾ ਤੁਰੰਤ ਬੀਐਸਐਫ ਤਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਐ, ਜਿਸ ਦੇ ਚਲਦਿਆਂ ਸਥਾਨਕ ਵਾਸੀਆਂ ਵਿਚ ਸਹਿਮ ਪਾਇਆ ਜਾ ਰਿਹਾ ਐ। ਲੋਕਾਂ ਦਾ ਕਹਿਣਾ ਐ ਕਿ ਉਹ ਪਹਿਲਾਂ ਵੀ ਦੋ ਜੰਗਾਂ ਵੇਖ ਚੁੱਕੇ ਨੇ ਅਤੇ ਹੁਣ ਮੁੜ ਜੰਗ ਲੱਗਣ ਦੀਆਂ ਖਬਰਾਂ ਨੇ ਉਨ੍ਹਾਂ ਅੰਦਰ ਡਰ ਪੈਦਾ ਕਰ ਦਿੱਤਾ ਐ। ਲੋਕਾਂ ਦਾ ਕਹਿਣਾ ਐ ਕਿ ਜੰਗ ਲੱਗਣ ਦੀ ਸੂਰਤ ਵਿਚ ਉਨ੍ਹਾਂ ਨੂੰ ਘਰ-ਬਾਹਰ ਛੱਡ ਕੇ ਦੂਜੀਆਂ ਥਾਵਾਂ ਤੇ ਜਾਣਾ ਪਵੇਗਾ, ਜਿਸ ਕਾਰਨ ਉਨ੍ਹਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਵਾਅਦੇ ਬਹੁਤ ਕਰਦੇ ਨੇ ਪਰ ਜ਼ਮੀਨੀ ਪੱਧਰ ਤੇ ਇਨ੍ਹਾਂ ਦਾ ਕੋਈ ਲਾਭ ਨਹੀਂ ਹੁੰਦਾ, ਜਿਸ ਕਾਰਨ ਲੋਕਾਂ ਨੂੰ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਨਜ਼ਰ ਆ ਰਹੇ। ਲੋਕਾਂ ਨੇ ਜੰਗ ਨਾ ਲੱਗਣ ਦੀ ਕਾਮਨਾ ਕਰਦਿਆਂ ਕਿਹਾ ਕਿ ਜੰਗ ਕਿਸੇ ਮਸਲੇ ਹੱਲ ਨਹੀਂ ਐ, ਇਸ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਜੰਗ ਦੀ ਥਾਂ ਆਪਸੀ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਐ।


