
ਨਾਲਾਗੜ੍ਹ ’ਚ ਇਕ ਨਵ-ਵਿਆਹੁਤਾ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ ਦੇ ਮਾਮਲਾ ਗਰਮਾ ਗਿਆ ਐ। ਮ੍ਰਿਤਕਾ ਦੇ ਪੇਕਾ ਪਰਿਵਾਰ ਨੇ ਸਹੁਰਾ ਪਰਿਵਾਰ ਦੇ ਹੱਤਿਆ ਦੇ ਇਲਜ਼ਾਮ ਲਾਉਂਦਿਆਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਐ। ਉਧਰ ਪੁਲਿਸ ਨੇ ਪੇਕਾ ਪਰਿਵਾਰ ਦੇ ਬਿਆਨਾਂ ਤੇ ਸਹੁਰਾ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਕੇ ਪਤੀ ਸਮੇਤ ਚਾਰ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਐ। ਇਸੇ ਦੌਰਾਨ ਪੇਕਾ ਪਰਿਵਾਰ ਨੇ ਪੁਲਿਸ ਦੇ ਢਿੱਲੀ ਕਾਰਵਾਈ ਦੇ ਇਲਜ਼ਾਮ ਲਾਉਂਦਿਆਂ ਰੋਡ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਪੇਕਾ ਪਰਿਵਾਰ ਦੇ ਇਲਜਾਮ ਐ ਕਿ ਪੁਲਿਸ ਨੇ ਭਾਵੇਂ ਚਾਰ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਐ ਪਰ ਦੋ ਜਣਿਆਂ ਦੀ ਗ੍ਰਿਫਤਾਰੀ ਅਜੇ ਬਾਕੀ ਐ। ਪਰਿਵਾਰ ਦਾ ਇਲਜਾਮ ਐ ਕਿ ਪੁਲਿਸ ਸਾਰੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਿਚ ਆਨਾਕਾਨੀ ਕਰ ਰਹੀ ਐ, ਜਿਸ ਕਾਰਨ ਉਨ੍ਹਾਂ ਨੂੰ ਮੁੜ ਧਰਨਾ ਪ੍ਰਦਰਸ਼ਨ ਕਰਨਾ ਪਿਆ ਐ। ਉਨ੍ਹਾਂ ਕਿਹਾ ਕਿ ਜਦੋਂ ਤਕ ਪੁਲਿਸ ਸਾਰੇ ਮੁਲਜਮਾਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੀ, ਉਹ ਮ੍ਰਿਤਕਾ ਦਾ ਸੰਸਕਾਰ ਨਹੀਂ ਕਰਨਗੇ। ਉਧਰ ਪੁਲਿਸ ਦਾ ਕਹਿਣਾ ਐ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਚਾਰ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਐ ਅਤੇ ਬਾਕੀਆਂ ਨੂੰ ਵੀ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


