ਰੋਜ਼ੀ ਰੋਟੀ ਦੀ ਭਾਲ ਵਿਚ ਵਿਦੇਸ਼ੀ ਧਰਤੀ ’ਤੇ ਗਏ ਪੰਜਾਬੀਆਂ ਵੱਲੋਂ ਆਪਣੀ ਸਖਤ ਮਿਹਨਤ ਦੇ ਬਲਬੂਤੇ ਜਿੱਥੇ ਵੱਡੀਆਂ ਮੱਲਾਂ ਮਾਰੀਆਂ ਜਾ ਰਹੀਆਂ ਨੇ ਉੱਥੇ ਹੀ ਜੱਦੀ ਸ਼ਹਿਰਾਂ ਦਾ ਨਾਮ ਵੀ ਚਮਕਾਇਆ ਜਾ ਰਿਹਾ ਐ। ਕੁੱਝ ਅਜਿਹਾ ਕੁੱਝ ਹੀ ਕਰ ਵਿਖਾਇਆ ਐ ਹੁਸ਼ਿਆਰਪੁਰ ਅਧੀਨ ਆਉਂਦੇ ਗੜ੍ਹਸ਼ੰਕਰ ਨਾਲ ਸਬੰਧਤ ਨੌਜਵਾਨ ਨੇ, ਜਿਸ ਨੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੀ ਪੁਲਿਸ ਵਿਚ ਭਰਤੀ ਹੋ ਕੇ ਗੜ੍ਹਸ਼ੰਕਰ ਦਾ ਨਾਮ ਚਮਕਾਇਆ ਐ। ਗੜਸ਼ੰਕਰ ਦੇ ਪਿੰਡ ਡਾਨਸੀਵਾਲ ਦੇ ਵਾਸੀ ਚੰਦਨ ਸਵਾਨ ਨਾਮ ਦੇ ਇਸ ਨੌਜਵਾਨ ਦੀ ਟੋਰਾਂਟੋ ਪੁਲਿਸ ਵਿਚ ਪਾਰਕਿੰਗ ਇੰਫੋਰਮੈਂਸ ਅਫਸਰ ਵਜੋਂ ਨਿਯੁਕਤੀ ਹੋਈ ਐ। ਚੰਦਨ ਸਵਾਨ ਦੀ ਇਸ ਪ੍ਰਾਪਤੀ ਤੋਂ ਬਾਅਦ ਪਿੰਡ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਐ ਅਤੇ ਲੋਕ ਪਰਿਵਾਰ ਨੂੰ ਵਧਾਈਆਂ ਦੇਣ ਲਈ ਪਹੁੰਚ ਰਹੇ ਨੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੰਦਨ ਸਵਾਨ ਦੇ ਪਿਤਾ ਜਸਵੰਤ ਰਾਏ ਅਤੇ ਮਾਤਾ ਰਾਜ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਮਾਉੰਟ ਕਾਰਮਲ ਸਕੂਲ ਗੜ੍ਹਸ਼ੰਕਰ ਤੋਂ 10 ਵੀਂ ਅਤੇ 11 ਵੀ ਤੇ 12ਵੀਂ ਡੀ. ਏ.ਵੀ.ਹੁਸ਼ਿਆਰਪੁਰ ਤੋਂ ਕੀਤੀ। ਇਸ ਉਪਰੰਤ ਬੀ.ਟੇਕ. ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਬਾਅਦ 2018 ਦੇ ਵਿੱਚ ਆਪਣੇ ਤਾਇਆ ਹਰਬੰਸ ਲਾਲ ਸਵਾਨ ਕੋਲ ਕੈਨੇਡਾ ਚਲੇ ਗਿਆ, ਜਿੱਥੇ ਉਸ ਨੇ ਆਪਣੀ ਸਖਤ ਮਿਹਨਤ ਦੇ ਬਲਬੂਤੇ ਇਹ ਪ੍ਰਾਪਤੀ ਹਾਸਲ ਕੀਤੀ ਐ।