ਪੰਜਾਬ ਸਰਕਾਰ ਵੱਲੋਂ ਪਹਿਲੀ ਅਪਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ ਐ, ਜਿਸ ਦੇ ਚਲਦਿਆਂ ਮੰਡੀਆਂ ਵਿਚ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਮੰਡੀਆਂ ਵਿਚੋਂ ਆ ਰਹੀਆਂ ਖਬਰਾਂ ਮੁਤਾਬਕ ਕੁੱਝ ਥਾਵਾਂ ਤੇ ਮੰਡੀਆਂ ਵਿਚ ਪ੍ਰਬੰਧਾਂ ਵਿਚ ਘਾਟ ਪਾਈ ਜਾ ਰਹੀ ਐ। ਅਜਿਹੇ ਹੀ ਹਾਲਾਤ ਗੁਰਦਾਸੁਪੁਰ ਅਧੀਨ ਆਉਂਦੀ ਕਾਹਨੂੰਵਾਨ ਮੰਡੀ ਵਿਚ ਵੇਖਣ ਨੂੰ ਮਿਲੇ ਨੇ ਜਿੱਥੇ ਕਿਸਾਨਾਂ ਦੀ ਸਹੂਲਤ ਲਈ ਕੋਈ ਵੀ ਪ੍ਰਬੰਧ ਮੁਕੰਮਲ ਨਹੀਂ ਕੀਤਾ ਗਿਆ। ਇੱਥੇ ਥਾਂ ਥਾਂ ਕੂੜੇ ਦੇ ਢੇਰਾਂ ਤੋਂ ਇਲਾਵਾ ਬਾਕੀ ਸਹੂਲਤਾਂ ਦੀ ਵੀ ਵੱਡੀ ਘਾਟ ਵੇਖਣ ਨੂੰ ਮਿਲ ਰਹੀ ਐ। ਹਾਲਾਂਕਿ ਫਿਲਹਾਲ ਕਿਸਾਨ ਕਣਕ ਲੈ ਕੇ ਮੰਡੀ ਵਿੱਚ ਪਹੁੰਚਣਾ ਵੀ ਸ਼ੁਰੂ ਨਹੀਂ ਹੋਏ ਪਰ ਪੀਣ ਵਾਲੇ ਪਾਣੀ ਅਤੇ ਫਸਟ ਏਡ ਕਾਊਂਟਰ ਜਿਹੀਆਂ ਸਹੂਲਤਾਂ ਅਗੇਤੀ ਤੌਰ ਤੇ ਮੰਡੀ ਵਿੱਚ ਮੁਹੱਈਆ ਕਰਵਾ ਦਿੱਤੀਆਂ ਜਾਂਦੀਆਂ ਨੇ ਪਰ ਕਾਹਨੂੰਵਾਨ ਦੀ ਦਾਣਾ ਮੰਡੀ ਵਿਚ ਅਜੇ ਤਕ ਕੋਈ ਵੀ ਬੁਨਿਆਦੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ। ਉਧਰ ਮੰਡੀ ਅਧਿਕਾਰੀ ਨੇ ਵੀ ਮੰਡੀ ਵਿਚ ਪ੍ਰਬੰਧਾਂ ਦੀ ਘਾਟ ਨੂੰ ਸਵੀਕਾਰਦਿਆਂ ਕਿਹਾ ਕਿ ਕਾਹਨੂੰਵਾਨ ਮੰਡੀ ਵਿਚ ਵਿਸਾਖੀ ਤਕ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਐ, ਜਿਸ ਤੋਂ ਪਹਿਲਾਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ।