ਪੰਜਾਬ ਪੁਲਿਸ ਵੱਲੋਂ ਭਾਵੇਂ ਸੂਬੇ ਅੰਦਰ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਵਿੱਢ ਕੇ ਸਖਤੀ ਵਰਤੀ ਜਾ ਰਹੀ ਐ, ਪਰ ਇਸ ਦੇ ਬਾਵਜੂਦ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਪੂਰੀ ਤਰ੍ਹਾਂ ਬੰਦ ਨਹੀਂ ਹੋ ਰਹੀਆਂ। ਇਸ ਦੀ ਤਾਜ਼ਾ ਮਿਸਾਲ ਗੁਰਦਾਸਪੁਰ ਅਧੀਨ ਆਉਂਦੇ ਪੁਰਾਣਾਸ਼ਾਲਾ ਇਲਾਕੇ ਤੋਂ ਸਾਹਮਣੇ ਆਈ ਐ, ਜਿੱਥੇ ਹਥਿਆਰਬੰਦ ਲੁਟੇਰੇ ਦਿਨ ਦਿਹਾੜੇ ਇਕ ਪਟਰੌਲ ਪੰਪ ਤੋਂ 15 ਹਜ਼ਾਰ ਲੁੱਟ ਕੇ ਫਰਾਰ ਹੋ ਗਏ। ਪੰਪ ਮਾਲਕ ਦੇ ਦੱਸਣ ਮੁਤਾਬਕ ਘਟਨਾ ਬਾਦ-ਦੁਪਹਿਰ ਤਿੰਨ ਵਜੇ ਦੀ ਐ, ਜਦੋਂ ਇਕ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਏ ਦੋ ਲੁਟੇਰਿਆਂ ਨੇ ਪੰਪ ਤੇ ਮੌਜੂਦ ਕਰਿੰਦਿਆਂ ਨੂੰ ਪਿਸਟੌਲ ਦਿਖਾ ਕੇ 15 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਲੁਟੇਰਿਆਂ ਦੀ ਕਰਤੂਤ ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਐ। ਘਟਨਾ ਤੋਂ ਬਾਅਦ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਐ। ਪੰਪ ਮਾਲਕਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਫੁਟੇਜ਼ ਦੇ ਆਧਾਰ ਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਐ।