ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰੀ ਨਾਲ ਜੁੜੇ ਲੋਕਾਂ ਖਿਲਾਫ ਲਗਾਤਾਰ ਸਿਕੰਜਾ ਕੱਸਿਆ ਜਾ ਰਿਹਾ ਐ। ਪੁਲਿਸ ਵੱਲੋਂ ਜਿੱਥੇ ਵੱਡੀ ਗਿਣਤੀ ਨਸ਼ਾ ਤਸਕਰਾਂ ਨੂੰ ਨਸ਼ਿਆਂ ਦੀਆਂ ਖੇਪਾਂ ਸਮੇਤ ਗ੍ਰਿਫਤਾਰ ਕੀਤਾ ਜਾ ਰਿਹਾ ਐ, ਉੱਥੇ ਹੀ ਨਸ਼ਾ ਤਸਕਰਾਂ ਦੀਆਂ ਨਸ਼ੇ ਦੀ ਕਮਾਈ ਤੋਂ ਬਣਾਈਆਂ ਜਾਇਦਾਦਾਂ ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਐ। ਇਸੇ ਤਹਿਤ ਕਾਰਵਾਈ ਕਰਦਿਆਂ ਤਰਨ ਤਾਰਨ ਪੁਲਿਸ ਨੇ ਇਕ ਅੰਤਰ ਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਐ। ਇਸ ਗਰੋਹ ਦੇ ਤਾਰ ਗੁਆਢੀ ਮੁਲਕ ਪਾਕਿਸਤਾਨ ਤੋਂ ਇਲਾਵਾ ਅਮਰੀਕਾ ਦੇ ਨਸ਼ਾ ਤਸਕਰਾਂ ਨਾਲ ਵੀ ਜੁੜੇ ਹੋਏ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਪਾਕਿਸਤਾਨ ਅਤੇ ਅਮਰੀਕਾ ਅਧਾਰਤ ਡਰੱਗ ਸਿੰਡੀਕੇਟਸ ਨਾਲ ਸਬੰਧਤ ਇਕ ਸਖਸ਼ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਨਿਸ਼ਾਨਦੇਹੀ ਤੇ 15 ਕਿਲੋ ਹੈਰੋਇਨ ਬਰਾਮਦ ਕੀਤੀ ਐ। ਪੁਲਿਸ ਦੇ ਦੱਸਣ ਮੁਤਾਬਕ ਗ੍ਰਿਫਤਾਰ ਦੋਸ਼ੀ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਖੇਪ ਮੰਗਵਾਉਂਦੇ ਸਨ। ਗਰੋਹ ਵੱਲੋਂ ਹਵਾਲਾ ਰਾਹੀਂ ਪੈਸਿਆਂ ਦਾ ਲੈਣ-ਦੇਣ ਕੀਤਾ ਜਾ ਰਿਹਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਹਰਸ਼ਪ੍ਰੀਤ ਸਿੰਘ ਵਾਸੀ ਰੋੜਾਂਵਾਲਾ, ਅੰਮ੍ਰਿਤਸਰ ਵਜੋਂ ਹੋਈ ਹੈ। ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਪੁਲੀਸ ਟੀਮਾਂ ਵੱਲੋਂ ਮੁਲਜ਼ਮ ਵੱਲੋਂ ਨਸ਼ਾ ਤਸਕਰੀ ਲਈ ਵਰਤੀ ਜਾ ਰਹੀ ਚਿੱਟੇ ਰੰਗ ਦੀ ਐਕਟਿਵਾ ਸਕੂਟਰ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿਚ ਹੋਰ ਪੁੱਛਗਿੱਛ ਜਾਰੀ ਐ, ਜਿਸ ਦੌਰਾਨ ਹੋਰ ਗ੍ਰਿਫਤਾਰੀਆਂ ਤੇ ਬਰਾਮਦਗੀ ਹੋਣ ਦੀ ਉਮੀਦ ਐ।