ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁਧ ਚਲਾਈ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਨੇ ਇਕ ਵੱਡੇ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਐ। ਗਰੋਹ ਦੀ ਸਰਗਨਾ ਇਕ ਮਹਿਲਾ ਐ ਜੋ ਸਰਹੱਦ ਨੇੜਲੇ ਪੇਕੇ ਘਰ ਨੂੰ ਸਰਹੱਦ ਪਾਰੋਂ ਤਸਕਰੀ ਲਈ ਵਰਤਦੀ ਸੀ। ਮਹਿਲਾ ਸਰਗਨਾ ਦੀ ਪਛਾਣ ਮਨਦੀਪ ਕੌਰ ਉਮਰ 27 ਸਾਲ ਵਜੋਂ ਹੋਈ ਐ ਜੋ ਛੇਹਰਟਾ ਵਿਖੇ ਸਾਲੂਨ ਚਲਾਉਣ ਦੀ ਕੰਮ ਕਰਦੀ ਐ। ਜਾਣਕਾਰੀ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਥਾਣਾ ਛੇਹਰਟਾ ਦੇ ਇਲਾਕੇ ਜਨਤਾ ਕਲੋਨੀ ਵਿੱਚ ਇੱਕ ਘਰ ਦੇ ਵਿੱਚ ਰੇਡ ਕਰ ਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਦੇ ਦੱਸਣ ਮੁਤਾਬਕ ਗਰੋਹ ਦੀ ਸਰਗਨਾ ਮਨਦੀਪ ਕੌਰ ਪਿੰਡ ਇਬਨ ਕਲਾਂ ਵਿਖੇ ਵਿਆਹੀ ਸੀ ਅਤੇ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਐ। ਉਸ ਦੇ ਪੇਕਾ ਪਿੰਡ ਖਾਲੜਾ ਤਰਨ ਤਾਰਨ ਐ ਜੋ ਸਰਹੱਦ ਦੇ ਨੇੜੇ ਪੈਂਦਾ ਐ। ਉਹ ਆਪਣੇ ਪੇਕੇ ਘਰ ਤੋਂ ਇਕ ਵਿਅਕਤੀ ਦੀ ਮਦਦ ਨਾਲ ਪਾਕਿਸਤਾਨ ਤੋਂ ਨਸ਼ਿਆਂ ਦੀ ਖੇਪ ਮੰਗਵਾਉਂਦੀ ਸੀ, ਜਿਸ ਨੂੰ ਅੱਗੇ ਸਪਲਾਈ ਕੀਤਾ ਜਾਂਦਾ ਸੀ। ਪੁਲਿਸ ਦੇ ਦੱਸਣ ਮੁਤਾਬਕ ਮਨਦੀਪ ਕੌਰ ਪੁਲਿਸ ਦੀ ਵਰਦੀ ਪਾ ਕੇ ਵੀ ਕਈ ਵਾਰ ਘੁੰਮਦੀ ਦਿਖਾਈ ਦਿੱਤੀ ਹੈ। ਪੁਲਿਸ ਵੱਲੋਂ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੌਰਾਨ ਹੋਰ ਵੱਢੇ ਖੁਲਾਸੇ ਹੋਣ ਦੀ ਉਮੀਦ ਐ।