ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਅੰਦਰ ਬੀਤੇ ਦਿਨ ਹਾਲਾਤ ਉਸ ਵੇਲੇ ਤਣਾਅ ਵਾਲੇ ਬਣ ਗਏ ਜਦੋਂ ਇੱਥੇ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸ ਦੌਰਾਨ ਹੋਈ ਖੂਨੀ ਝੜਪ ਦੌਰਾਨ ਕਈ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਐ। ਦੋਵੇਂ ਧਿਰਾਂ ਨੇ ਇਕ-ਦੂਜੇ ਦੇ ਪਹਿਲਾਂ ਹਮਲੇ ਦੇ ਇਲਜਾਮ ਲਾਏ ਨੇ। ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ ਦੇ ਪਿੰਡ ਕੋਹਾਲੀ ਦਾ ਐ ਜਿਥੋਂ ਦੇ ਮੌਜੂਦਾ ਸਰਪੰਚ ਨੇ ਪਿੰਡ ਦੇ ਹੀ ਕੁਝ ਨੌਜਵਾਨਾਂ ਉਪਰ ਨਸ਼ਾ ਵੇਚਣ ਦੇ ਆਰੋਪ ਲਗਾਉਂਦਿਆਂ ਕਿਹਾ ਕਿ ਉਸ ਨੇ ਇਨ੍ਹਾਂ ਨੂੰ ਨਸ਼ੇ ਵੇਚਣ ਤੋਂ ਰੋਕਿਆ ਸੀ, ਜਿਸ ਦੇ ਰੰਜ਼ਿਸ਼ ਤਹਿਤ ਇਹ ਹਮਲਾ ਕੀਤਾ ਗਿਆ ਐ। ਉਧਰ ਦੂਜੀ ਧਿਰ ਨੇ ਦੋਸ਼ ਨਕਾਰਦਿਆਂ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਗੁਰਜੰਟ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਕਿਸੇ ਸਾਥੀ ਦਾ ਪਤਾ ਲੈਣ ਗਿਆ ਸੀ, ਜਿੱਥੇ ਨਸ਼ੇ ਦਾ ਕਾਰੋਬਾਰ ਕਰਦੇ ਕੁੱਝ ਲੋਕਾਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਦੂਜੀ ਧਿਰ ਜੋਬਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਰਪੰਚ ਵੱਲੋਂ ਨਸ਼ਾ ਤਸਕਰੀ ਦੇ ਝੂਠੇ ਇਲਜਾਮ ਲਾਏ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਤਸਕਰੀ ਤੇ ਵਰਤੋਂ ਕੌਣ ਕਰਦਾ ਐ, ਇਸ ਦੀ ਜਾਂਚ ਹੋਣੀ ਚਾਹੀਦੀ ਐ। ਉਧਰ ਥਾਣਾ ਲੋਪੋਕੇ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵੇ ਧਿਰਾ ਦੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।