ਹੁਸ਼ਿਆਰਪੁਰ ਦੇ ਜਲੰਧਰ ਰੋਡ ਤੇ ਅੱਡਾ ਮੰਡਿਆਲਾ ਨੇੜੇ ਬੀਤੀ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਐਲਪੀਜੀ ਗੈਂਸ ਨਾਲ ਭਰੇ ਟੈਂਕਰ ਦੀ ਪਿੱਕਅੱਪ ਵੈਨ ਨਾਲ ਟੱਕਰ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਟੈਂਕਰ ਨੂੰ ਅੱਗ ਲੱਗ ਗਈ, ਜਿਸ ਨੇ ਵੇਖਦੇ ਹੀ ਵੇਖਦੇ ਭਿਆਨਕ ਰੂਪ ਅਖਤਿਆਰ ਕਰ ਲਿਆ। ਹਾਦਸਾ ਇੰਨਾ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ ਤਕ ਦਿਖਾਈ ਦੇ ਰਹੀਆਂ ਸੀ। ਹਾਦਸੇ ਵਿਚ ਦੋ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਕਈ ਦਰਜਨ ਲੋਕਾਂ ਦੇ ਝੁਸਲਣ ਦੀ ਖਬਰ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਦੇ ਨਾਲ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀਆਂ ਦਾ ਵੱਖ ਵੱਖ ਹਸਪਾਤਲਾਂ ਵਿਚ ਇਲਾਜ ਚੱਲ ਰਿਹਾ ਐ।
ਇਸੇ ਦੌਰਾਨ ਮੌਕੇ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ। ਅੱਗ ਦੀਆਂ ਲਪਟਾਂ ਅਤੇ ਧਮਾਕੇ ਦੇ ਚਲਦਿਆਂ ਪਿੰਡ ਦੇ ਵਾਸੀ ਘਬਰਾ ਗਏ ਅਤੇ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਖੇਤਾਂ ਵੱਲ ਨੂੰ ਭੱਜ ਗਏ। ਇਸ ਹਾਦਸੇ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਮੌਕੇ ’ਤੇ ਇਲਾਕਾ ਨਿਵਾਸੀ ਅਤੇ ਪ੍ਰਸਾਸ਼ਨ ਨੇ ਆ ਕੇ ਹਾਲਾਤ ਸੰਭਾਲਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਤੋਂ ਨਾਰਾਜ਼ ਲੋਕਾਂ ਨੇ ਹੁਸ਼ਿਆਰਪੁਰ ਜਲੰਧਰ ਰੋਡ ਬੰਦ ਕਰ ਕੇ ਅੱਡਾ ਮੰਡਿਆਲਾਂ ਵਿਖੇ ਧਰਨਾ ਦੇ ਦਿੱਤਾ। ਲੋਕਾਂ ਦਾ ਇਲਜਾਮ ਸੀ ਕਿ ਜਿੰਨੀ ਦੇਰ ਤੱਕ ਪ੍ਰਸਾਸ਼ਨ ਕੋਈ ਕਾਰਵਾਈ ਨਹੀਂ ਕਰਦਾ, ਉਹ ਸੜਕ ਤੋਂ ਨਹੀਂ ਉਠਣਗੇ। ਪਿੰਡ ਵਾਸੀਆਂ ਨੇ ਕਿਹਾ ਕਿ ਜਿਹੜੇ ਵਿਅਕਤੀ ਜ਼ਖ਼ਮੀ ਹਨ, ਉਨ੍ਹਾਂ ਦੀ ਹਾਲਤ ਵੀ ਬਹੁਤ ਗੰਭੀਰ ਹੈ। ਚਸ਼ਮਦੀਦਾਂ ਮੁਤਾਬਕ ਅੱਗ ਦੀਆਂ ਲਪਟਾਂ 4 ਕਿਲੋਮੀਟਰ ਦੂਰ ਤੱਕ ਵਿਖਾਈ ਦੇ ਰਹੀਆਂ ਸਨ ਅਤੇ ਕਈ ਘਰ ਉੱਡ ਗਏ ਸਨ। ਇਸ ਅੱਗ ਨਾਲ ਆਪਣੇ ਘਰਾਂ ਵਿੱਚ ਸੁੱਤੇ ਪਏ ਲੋਕ ਵੀ ਝੁਲਸ ਗਏ ਨੇ ਅਤੇ ਲੋਕ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਘਰਾਂ ਤੋਂ ਖੇਤਾਂ ਵੱਲ ਨੂੰ ਭੱਜਦੇ ਵੇਖੇ ਗਏ।
ਫਾਇਰ ਬ੍ਰਿਗੇਡ, ਪੁਲਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਲੋਕਾਂ ਨੂੰ ਤੁਰੰਤ ਘਰਾਂ ਤੋਂ ਬਾਹਰ ਕੱਢ ਕੇ ਹਸਪਤਾਲ ਭੇਜ ਦਿੱਤਾ ਗਿਆ। ਮਰੀਜ਼ਾਂ ਦੀ ਵੱਡੀ ਗਿਣਤੀ ਕਾਰਨ ਹਸਪਤਾਲ ਵਿੱਚ ਬਿਸਤਰਿਆਂ ਦੀ ਘਾਟ ਪੈ ਗਈ। ਇਕ ਬਿਸਤਰੇ ‘ਤੇ ਦੋ ਮਰੀਜ਼ਾਂ ਨੂੰ ਰੱਖ ਕੇ ਇਲਾਜ ਸ਼ੁਰੂ ਕੀਤਾ ਗਿਆ। ਇਸ ਹਾਦਸੇ ਵਿਚ 30 ਤੋਂ ਵਧੇਰੇ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਮੰਡਿਆਲਾਂ ਨੇੜੇ ਪਲਾਂਟ ਵੱਲ ਜਾ ਰਿਹਾ ਐਲਪੀਜੀ ਨਾਲ ਭਰਿਆ ਇੱਕ ਟੈਂਕਰ ਉੱਥੋਂ ਲੰਘ ਰਹੀ ਇੱਕ ਮਹਿੰਦਰਾ ਪਿਕਅੱਪ ਨਾਲ ਟਕਰਾ ਕੇ ਪਲਟ ਗਿਆ, ਜਿਸ ਕਾਰਨ ਟੈਂਕਰ ਵਿੱਚੋਂ ਗੈਸ ਤੇਜ਼ੀ ਨਾਲ ਲੀਕ ਹੋ ਗਈ ਅਤੇ ਆਲੇ ਦੁਆਲੇ ਦੇ ਖੇਤਰ ਵਿੱਚ ਫੈਲ ਗਈ ਅਤੇ ਅੱਗ ਲੱਗ ਗਈ ਜਿਸ ਨੇ ਉੱਥੋਂ ਲੰਘਣ ਵਾਲੇ ਵਾਹਨਾਂ ਅਤੇ ਆਸ ਪਾਸ ਸਥਿਤ ਦੁਕਾਨਾਂ ਅਤੇ ਘਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਲੋਕਾਂ ਦਾ ਕਹਿਣਾ ਹੈ ਕਿ ਭਿਆਨਕ ਅੱਗ ਕਾਰਨ ਨੇੜਲੇ ਘਰਾਂ ਵਿੱਚ ਰੱਖੇ ਕੁਝ ਸਿਲੰਡਰ ਵੀ ਫਟ ਗਏ ਜਿਸ ਕਾਰਨ ਅੱਗ ਹੋਰ ਵੀ ਤੇਜ਼ੀ ਨਾਲ ਫੈਲ ਗਈ। ਹਾਦਸੇ ਵਿੱਚ ਨੇੜਲੇ ਦੁਕਾਨਾਂ ਅਤੇ ਘਰਾਂ ਵਿੱਚ ਰਹਿਣ ਵਾਲੇ ਵੱਡੀ ਗਿਣਤੀ ਲੋਕ ਵੀ ਅੱਗ ਦੀ ਲਪੇਟ ਵਿਚ ਆ ਗਏ ਨੇ। ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਐਂਬੂਲੈਂਸਾਂ ਅਤੇ ਵੱਡੀ ਗਿਣਤੀ ਵਿੱਚ ਨਿੱਜੀ ਐਂਬੂਲੈਂਸਾਂ ਵੀ ਜ਼ਖਮੀਆਂ ਨੂੰ ਲਿਆਉਣ ਲਈ ਮੌਕੇ ‘ਤੇ ਪਹੁੰਚ ਗਈਆਂ ਹਨ। ਖ਼ਬਰ ਮਿਲਦੇ ਹੀ ਸਥਾਨਕ ਸਰਕਾਰਾਂ ਮੰਤਰੀ ਰਵਜੋਤ ਸਿੰਘ ਵੀ ਮੌਕੇ ‘ਤੇ ਪਹੁੰਚੇ ਅਤੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ।
ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਐਸਐਮਓ ਡਾ. ਕੁਲਦੀਪ ਸਿੰਘ ਨੇ ਅੱਜ ਸਵੇਰੇ ਪੁਸ਼ਟੀ ਕੀਤੀ ਕਿ ਕੱਲ੍ਹ ਰਾਤ ਸਿਵਲ ਹਸਪਤਾਲ ਵਿੱਚ ਕੁੱਲ 23 ਜ਼ਖਮੀਆਂ ਨੂੰ ਗੰਭੀਰ ਜਲਣ ਵਾਲੀਆਂ ਸੱਟਾਂ ਨਾਲ ਲਿਆਂਦਾ ਗਿਆ ਸੀ। ਉਨ੍ਹਾਂ ਵਿੱਚੋਂ 15 ਨੂੰ ਵਿਸ਼ੇਸ਼ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ, ਜਿਸ ਵਿੱਚ ਆਦਮਪੁਰ ਖੇਤਰ ਦੇ ਦੋ ਜ਼ਖਮੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਆਦਮਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਸੀ। ਹੁਣ ਤੱਕ 7 ਜ਼ਖਮੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਪੁਸ਼ਟੀ ਕੀਤੀ ਕਿ ਹੁਣ ਤੱਕ ਦੋ ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਮ੍ਰਿਤਕ ਲਿਆਂਦਾ ਗਿਆ ਸੀ ਅਤੇ ਦੂਜਾ ਜ਼ਖਮੀ, ਜਿਸਨੂੰ ਇੱਕ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ ਸੀ, ਦੀ ਬਾਅਦ ਵਿੱਚ ਉੱਥੇ ਮੌਤ ਹੋ ਗਈ।